ਖਬਰਿਸਤਾਨ ਨੈੱਟਵਰਕ ਜਲੰਧਰ- ਮੀਂਹ ਕਾਰਣ ਪੰਜਾਬ ਭਰ ਵਿਚ ਹੋ ਰਹੀ ਭਾਰੀ ਤਬਾਹੀ ਕਾਰਣ ਕਾਫੀ ਨੁਕਸਾਨ ਹੋ ਰਿਹਾ ਹੈ। ਫਸਲਾਂ ਤਬਾਹ ਹੋ ਰਹੀਆਂ ਹਨ। ਸੜਕਾਂ ਪਾਣੀ ਨਾਲ ਭਰ ਚੁਕੀਆਂ ਹਨ। ਇਸ ਨਾਲ ਲੋਕਾਂ ਦਾ ਕੰਮ-ਕਾਰ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ। ਦੱਸ ਦੇਈਏ ਕਿ ਖ਼ਰਾਬ ਮੌਸਮ ਦੇ ਮੱਦੇਨਜ਼ਰ ਜਲੰਧਰ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨੂੰ ਅਹਿਤਿਆਤ ਦੇ ਤੌਰ ’ਤੇ 50 ਨੀਵੇਂ ਅਤੇ ਹੜ੍ਹਾਂ ਸੰਭਾਵਿਤ ਪਿੰਡਾਂ ਨੂੰ ਖਾਲੀ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।ਤਾਂ ਜੋ ਜੇਕਰ ਹੜ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਨ੍ਹਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬਚਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਐਤਵਾਰ ਨੂੰ ਸੰਵੇਦਨਸ਼ੀਲ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਇਨਾਂ ਨਾਲ ਸੰਤ ਸੀਚੇਵਾਲ ਵੀ ਮੌਜੂਦ ਸਨ। ਉਨ੍ਹਾਂ ਅਧਿਕਾਰੀਆਂ ਨੂੰ ਦਰਿਆ ਦੇ ਪਾਣੀ ਦੇ ਪੱਧਰ 'ਤੇ ਨੇੜਿਓਂ ਨਜ਼ਰ ਰੱਖਣ ਲਈ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਤਾਂ ਜੋ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾ ਸਕਣ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਵਿੱਚ ਰਹਿਣ ਵਾਲੀ ਆਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਹਿਤਿਆਤੀ ਤੌਰ ’ਤੇ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਜ਼ਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਸਬ ਡਵੀਜ਼ਨ ਵਿੱਚ ਇੰਚਾਰਜਾਂ ਵਜੋਂ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੂੰ ਸ਼ਾਹਕੋਟ ਬਲਾਕ ਦਾ ਇੰਚਾਰਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲੋਹੀਆਂ ਬਲਾਕ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਫਿਲੌਰ ਅਤੇ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਨੂੰ ਮਹਿਤਪੁਰ ਬਲਾਕ ਦਾ ਇੰਚਾਰਜ ਲਗਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਸਮੁੱਚੀ ਸਥਿਤੀ ਦੀ 24X7 ਨਿਗਰਾਨੀ ਕਰਨ ਲਈ ਆਪੋ-ਆਪਣੇ ਬਲਾਕਾਂ ਵਿੱਚ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ।
ਇਹ ਪਿੰਡ ਖਾਲੀ ਕਰਵਾਉਣ ਦੇ ਹੁਕਮ
ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਨੂੰ ਇਨ੍ਹਾਂ ਪਿੰਡਾਂ ਨੂੰ ਜਲਦ ਤੋਂ ਜਲਦ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਬੂੜੇਵਾਲ, ਚੱਕ ਹਾਥੀਵਾਲਾ, ਨਰੰਗਪੁਰ, ਪਰਜੀਆਂ ਖੁਰਦ, ਗੇਹਲਣ, ਭਦੋ, ਦਾਨੇਵਾਰ, ਬਾਊਪੁਰ, ਰਾਮੇਤਾਹਰਪੁਰ, ਸਾਂਦ, ਰਾਮਪੁਰ, ਫਖਰੂਵਾਲ, ਸੰਢਾਂਵਾਲ, ਫਾਜਲਵਾਲ, ਸਾਹਲਾਪੁਰ, ਐਦਲਪੁਰ, ਬਾਜਵਾ ਕਲਾਂ, ਲੰਗੇਵਾਲ, ਭੋਏਪੁਰ, ਥੰਮੂਵਾਲ, ਬਾਹਮਣੀਆਂ, ਚੱਕ ਬਾਹਮਣੀਆਂ, ਤਾਹਰਪੁਰ, ਰਾਮੇ, ਚੱਕ ਰਾਮੇ, ਸਮੈਲਪੁਰ, ਫਤਹਿਪੁਰ ਭਗਵਾਂ, ਚੱਕ ਗਦਈਪੁਰ, ਗੱਟੀ ਪੀਰ ਬਖਸ਼, ਰਾਏਪੁਰ, ਜੱਕੋਪੁਰ ਕਲਾਂ, ਗੱਟੀ ਰਾਏਪੁਰ, ਜਾਨੀਆ ਚਾਹਲ, ਜਾਨੀਆ, ਕੋਠਾ, ਚੱਕ ਬੁਡਾਲਾ, ਮਰਾਜਵਾਲਾ, ਮੁੰਡੀ ਕਾਸੂ, ਮੁੰਡੀ ਚੋਹਲੀਆਂ, ਮੁੰਡੀ ਸ਼ੈਹਰੀਆਂ, ਗੱਟਾ ਮੁੰਡੀ ਕਾਸੂ, ਪੜਾਣਾ, ਨਸੀਰਪੁਰ, ਮੰਡਾਲਾ, ਮੁੰਡੀ ਕਾਲੂ, ਕੁਤਬੀਵਾਲ, ਗਿੱਦੜਪਿੰਡੀ, ਯੂਸਫ਼ਪੁਰ ਆਲੇਵਾਲ, ਯੂਸਫ਼ਪੁਰ ਦਾਰੇਵਾਲ ਅਤੇ ਚੱਕ ਯੂਸਫ਼ਪੁਰ ਆਲੇਵਾਲ ਸ਼ਾਮਲ ਹਨ।
ਪ੍ਰਸ਼ਾਸਨ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਚਨਬੱਧ
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਵਚਨਬੱਧ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਲੋੜੀਂਦੇ ਅਹਿਤਿਆਤੀ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਸਥਾਨਾਂ ’ਤੇ ਤਾਇਨਾਤ ਅਧਿਕਾਰੀਆਂ ਨੂੰ ਆਪੋ-ਆਪਣੇ ਸਟੇਸ਼ਨ ਨਾ ਛੱਡਣ ਅਤੇ ਆਪਣੇ ਮੋਬਾਈਲ 24 ਘੰਟੇ ਚਾਲੂ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੋਣ 'ਤੇ ਤਾਲਮੇਲ ਨਾਲ ਯਤਨ ਕੀਤੇ ਜਾ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ ਉਪ ਮੰਡਲ ਮੈਜਿਸਟ੍ਰੇਟਸ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਿਆ ਜਾ ਸਕੇ। ਸਾਰੰਗਲ ਨੇ ਕਿਹਾ ਕਿ ਐਸ.ਡੀ.ਐਮਜ਼ ਵੱਲੋਂ ਇਨ੍ਹਾਂ ਪਿੰਡਾਂ ਵਿੱਚੋਂ ਕੱਢੇ ਜਾਣ ਵਾਲੇ ਲੋਕਾਂ ਦੀ ਠਾਹਰ ਲਈ ਪਹਿਲਾਂ ਹੀ ਸੁਰੱਖਿਅਤ ਥਾਵਾਂ ਦੀ ਪਛਾਣ ਕਰ ਲਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੁਰੱਖਿਅਤ ਥਾਵਾਂ 'ਤੇ ਪਹਿਲਾਂ ਹੀ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਆਪਣੀਆਂ ਸਿਹਤ ਟੀਮਾਂ ਤਿਆਰ ਰੱਖਣ ਲਈ ਕਿਹਾ ਗਿਆ ਹੈ ਅਤੇ ਪਾਵਰਕਾਮ ਨੂੰ ਲੋੜ ਪੈਣ 'ਤੇ ਪ੍ਰਸਤਾਵਿਤ ਰਾਹਤ ਕੇਂਦਰਾਂ ਵਿੱਚ ਬਿਜਲੀ ਸਪਲਾਈ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਗੋਤਾਖੋਰਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਦੌਰਾਨ ਲੋਕਾਂ ਨੂੰ ਮਦਦ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਸ਼ਾਸਨ ਵੱਲੋਂ ਜੇਕਰ ਹੜ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਲੋਕਾਂ ਨੂੰ ਇਸਦੇ ਕਹਿਰ ਤੋਂ ਬਚਾਉਣ ਲਈ ਸਾਰੀਆਂ ਤਿਆਰੀਆਂ ਅਤੇ ਅਹਿਤਿਆਤੀ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।