ਖਬਰਿਸਤਾਨ ਨੈੱਟਵਰਕ ਚੰਡੀਗੜ੍ਹ- ਪੰਜਾਬ ਭਰ ਵਿਚ ਪੈ ਰਹੇ ਲਗਾਤਾਰ ਮੀਂਹ ਕਾਰਣ ਜਨ-ਜੀਵਨ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ, ਹਾਲਾਂਕਿ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਕਈ ਇਲਾਕਿਆਂ ਵਿਚ ਹੜ ਵਰਗੇ ਹਾਲਾਤ ਹਨ। ਦੱਸ ਦੇਈਏ ਕਿ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਹਰ ਪਾਸੇ ਹਾਲਾਤ ਬਦਤਰ ਹਨ, ਉੱਥੇ ਹੀ ਚੰਡੀਗੜ੍ਹ-ਮੁਹਾਲੀ ਵੀ ਜਲ-ਥਲ ਹੋ ਗਿਆ ਹੈ।
ਚੰਡੀਗੜ੍ਹ ਦੀਆਂ ਮੁੱਖ ਸੜਕਾਂ ਅਤੇ ਕਈ ਚੌਕਾਂ 'ਤੇ ਭਾਰੀ ਪਾਣੀ ਭਰਿਆ ਹੋਇਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਸ਼ਹਿਰ ‘ਚ ਪਾਣੀ ਭਰਨ ਤੋਂ ਇਲਾਵਾ ਸੁਖਨਾ ਝੀਲ ਦੇ ਫਲੱਡ ਗੇਟ ਵੀ ਖੋਲ੍ਹਣੇ ਪਏ। ਜਾਣਕਾਰੀ ਅਨੁਸਾਰ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਘੇਰੇ ਵਿੱਚ ਪਹੁੰਚਦੇ ਹੀ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਝੀਲ ਦਾ ਸਥਿਰ ਪਾਣੀ ਦਾ ਪੱਧਰ 1162 ਹੈ ਪਰ ਇਸ ਦੇ 1163 ਹੋਣ ਤੋਂ ਤੁਰੰਤ ਬਾਅਦ ਫਲੱਡ ਗੇਟ ਖੋਲ੍ਹ ਦਿੱਤੇ ਗਏ।
ਝੀਲ ਦਾ ਪਾਣੀ ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਰਾਹੀਂ ਬਲਟਾਣਾ ਅਤੇ ਜ਼ੀਰਕਪੁਰ ਤੋਂ ਬਾਅਦ ਘੱਗਰ ਵੱਲ ਵਧ ਰਿਹਾ ਹੈ।ਘੱਗਰ ਦੇ ਪਾਣੀ ਦਾ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ। ਇਸ ਕਾਰਨ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਝੀਲ ਦੇ ਵਾਟਰ ਕੋਰਸ ਦੇ ਪੂਰੇ ਖੇਤਰ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ।
ਭਾਰੀ ਮੀਂਹ ਦੇ ਚਲਦਿਆਂ ਮੋਹਾਲੀ-ਪੰਚਕੂਲਾ 'ਚ ਭਾਰੀ ਮੀਂਹ ਕਾਰਨ ਅਲਰਟ ਜਾਰੀ ਕੀਤਾ ਗਿਆ ਹੈ। ਖਰੜ-ਲਾਂਡਰਾ ਵਿਚ ਮੀਂਹ ਕਾਰਣ ਹਾਲਾਤ ਚਿੰਤਾਜਨਕ ਹਨ। ਦੱਸ ਦੇਈਏ ਕਿ ਅੰਦਰੂਨੀ ਸੜਕਾਂ ਅਤੇ ਰਸਤਿਆਂ ਤੋਂ ਇਲਾਵਾ ਮੁੱਖ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਟ੍ਰੈਫਿਕ ਜਾਮ ਦੀ ਸਥਿਤੀ ਵੀ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਇੱਕ ਪਾਸੇ ਭਾਰੀ ਮੀਂਹ ਅਤੇ ਦੂਜੇ ਪਾਸੇ ਟ੍ਰੈਫਿਕ ਜਾਮ ਨੇ ਜਨਜੀਵਨ ਨੂੰ ਬੇਹਾਲ ਕਰ ਦਿੱਤਾ ਹੈ। ਭਾਰੀ ਮੀਂਹ ਕਾਰਨ ਦਰੱਖਤ ਡਿੱਗਣ ਕਾਰਨ ਵਾਹਨਾਂ ਦਾ ਵੀ ਨੁਕਸਾਨ ਹੋਇਆ। ਕੰਮਾਂ ਕਾਰ ਵਾਲੇ ਲੋਕਾਂ ਨੂੰ ਦਫਤਰਾਂ ਅਦਿ ਵਿਚ ਜਾਣ ਲੱਗਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।