ਖ਼ਬਰਿਸਤਾਨ ਨੈੱਟਵਰਕ, ਲੁਧਿਆਣਾ - ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅੱਜ ਰਵਨੀਤ ਬਿੱਟੂ ਵੀ ਅਦਾਲਤੀ ਕੰਪਲੈਕਸ 'ਚ ਮੌਜੂਦ ਸੀ ਪਰ ਪੰਜਾਬ ਪੁਲਿਸ ਵੱਲੋਂ ਬਿੱਟੂ ਦੇ ਸੁਰੱਖਿਆ ਕਰਮੀਆਂ ਨੂੰ ਅਦਾਲਤ 'ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਉਨ੍ਹਾਂ 'ਚ ਜ਼ੋਰਦਾਰ ਬਹਿਸਬਾਜ਼ੀ ਹੋ ਗਈ। ਇੱਕ ਪਾਸੇ ਰਵਨੀਤ ਬਿੱਟੂ ਦੇ ਸੁਰੱਖਿਆ ਕਰਮੀਆਂ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਜਵਾਨਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਮਾਨ ਸਰਕਾਰ ਫਿਲਮੀ ਸਟਾਈਲ ਵਿੱਚ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਲੜਾਂਗੇ। ਦੱਸ ਦੇਈਏ ਕਿ ਬੀਤੇ ਦਿਨ ਵੀ ਜਦੋਂ ਵਿਜੀਲੈਂਸ ਟੀਮ ਆਸ਼ੂ ਨੂੰ ਗ੍ਰਿਫਤਾਰ ਕਰਨ ਲਈ ਸੈਲੂਨ ਪਹੁੰਚੀ ਤਾਂ ਰਵਨੀਤ ਬਿੱਟੂ ਦੀ ਵਿਜੀਲੈਂਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ ਸੀ।