ਖਬਰਿਸਤਾਨ ਨੈੱਟਵਰਕ ਜਲੰਧਰ- ਬੀਤੇ ਦਿਨਾਂ ਤੋਂ ਪੰਜਾਬ ਵਿਚ ਤੇਜ਼ ਹਵਾਵਾਂ ਤੇ ਮੀਂਹ ਕਾਰਣ ਜਨ-ਜੀਵਨ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ। ਹੁਣ ਮੀਂਹ ਕਾਰਣ ਕਈ ਇਲਾਕਿਆਂ ਤੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਹੱਲੂਵਾਲ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਣ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੱਸ ਦੇਈਏ ਕਿ ਪਿੰਡ ਦੇ ਨਾਲ ਲੱਗਦੇ ਚੋਅ ਦੇ ਨਾਲ ਬਣੇ ਰੇਤਲੇ ਬੰਨ੍ਹ ਦੇ ਟੁੱਟਣ ਕਾਰਨ ਪਾਣੀ ਪਿੰਡ ਵਿੱਚ ਦਾਖਲ ਹੋ ਕੇ ਹਰ ਘਰਾਂ ਵਿੱਚ ਪਹੁੰਚ ਗਿਆ ਹੈ।
ਲੋਕਾਂ ਨੂੰ ਆਪਣਾ ਬਚਾਅ ਕਰਨ ਲਈ ਛੱਤਾਂ 'ਤੇ ਚੜ੍ਹਨਾ ਪਿਆ। ਲੋਕਾਂ ਦੇ ਖਾਣ-ਪੀਣ ਸਮੇਤ ਹੋਰ ਸਾਮਾਨ ਨਸ਼ਟ ਹੋ ਗਿਆ। ਪਿੰਡ ਦਾ ਸੰਪਰਕ ਸਭ ਨਾਲੋਂ ਕੱਟਿਆ ਹੋਇਆ ਹੈ। ਪਿੰਡ ਤੱਕ ਪਹੁੰਚਣਾ ਅਸੰਭਵ ਹੋ ਗਿਆ ਹੈ। ਹੁਣ ਤੱਕ ਪ੍ਰਸ਼ਾਸਨ ਵੀ ਬੇਵੱਸ ਹੋਇਆ ਪਿਆ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਲਈ ਤਾਂ ਮੁਸ਼ਕਲ ਬਣੀ ਹੋਈ ਹੈ, ਇਸ ਦੇ ਨਾਲ ਹੀ ਪਸ਼ੂਆਂ ਲਈ ਵੀ ਦਿੱਕਤ ਵਾਲੀ ਗੱਲ ਹੈ , ਪਸ਼ੂਆਂ ਨੂੰ ਪਾਉਣ ਵਾਲਾ ਚਾਰਾ ਵੀ ਪਾਣੀ ਵਿਚ ਰੁੜ੍ਹ ਗਿਆ। ਉਨਾਂ ਕਿਹਾ ਕਿ ਸਰਕਾਰਾਂ ਦਾ ਕੀ ਰੋਲ ਹੈ, ਸਾਡੇ ਪਿੰਡ ਦੀ 1200 ਵੋਟ ਹੈ, ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਸਥਾਈ ਹੱਲ ਕੱਢੇ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਫਰੀਦਕੋਟ 'ਚ ਹੜ੍ਹ ਵਰਗਾ ਹਾਲ ਹੈ, ਜਿਥੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਨਾਲ ਭਰ ਗਈ ਤੇ ਭਾਰੀ ਨੁਕਸਾਨ ਹੋ ਗਿਆ। ਕਿਸਾਨਾਂ ਦੇ ਝੋਨੇ, ਮੱਕੀ, ਹਰੇ ਚਾਰੇ, ਝੋਨੇ ਦੀ ਪਨੀਰੀ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਡਰੇਨੇਜ ਵਿਭਾਗ ਨੇ ਸਮਾਂ ਰਹਿੰਦਿਆਂ ਸੇਮਨਾਲਿਆਂ ਦੀ ਸਫਾਈ ਨਹੀਂ ਕਰਵਾਈ, ਪਾਣੀ ਦਾ ਸਥਾਈ ਹੱਲ ਨਹੀਂ ਹੋ ਰਿਹਾ।
ਓਧਰ ਬਠਿੰਡਾ ਵਿੱਚ ਮੀਂਹ ਕਾਰਣ ਹਾਲਾਤ ਚਿੰਤਾਜਨਕ ਹਨ, ਦੱਸ ਦੇਈਏ ਕਿ ਬਾਜ਼ਾਰਾਂ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ ਹੈ। ਲੋਕਾਂ ਦੀਆਂ ਗੱਡੀਆਂ ਪਾਣੀਆਂ ਵਿਚ ਡੁੱਬਦੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਨਗਰ ਨਿਗਮ ਦੇ ਦਾਅਵਿਆਂ ਦੀ ਵੀ ਪੋਲ ਖੁੱਲੀ ਹੈ।